ਲੋਕਤੰਤਰ ਜਾਂ ਜਮਹੂਰੀਅਤ (ਸ਼ਬਦੀ ਅਰਥ ਲੋਕਾਂ ਦਾ ਰਾਜ) ਸਰਕਾਰ ਦਾ ਰੂਪ ਹੈ, ਜਿਸ ਦੇ ਤਹਿਤ ਸਾਰੇ ਯੋਗ ਨਾਗਰਿਕ ਸਿੱਧੇ ਜਾਂ ਅਸਿੱਧੇ ਤੌਰ ਤੇ ਚੁਣੇ ਨੁਮਾਇੰਦਿਆਂ ਰਾਹੀਂ ਕਾਨੂੰਨ ਦੇ ਪ੍ਰਸਤਾਵ, ਵਿਕਾਸ, ਅਤੇ ਸਿਰਜਣਾ ਵਿੱਚ ਬਰਾਬਰ ਹਿੱਸਾ ਲੈਂਦੇ ਹੋਣ। ਕਿਸੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਇਬਰਾਹਿਮ ਲਿੰਕਨ ਨੇ ਲੋਕਤੰਤਰ ਬਾਰੇ ਕਿਹਾ ਸੀ, ਕਿ ਲੋਕਤੰਤਰ ਲੋਕਾਂ ਦਾ , ਲੋਕਾਂ ਵਲੋਂ ਅਤੇ ਲੋਕਾਂ ਲਈ ਰਾਜ ਹੁੰਦਾ ਹੈ। ਮੌਜੂਦਾ ਸਮੇਂ ਇਬਰਾਹਿਮ ਲਿੰਕਨ ਦੀਆਂ ਇਹ ਸਤਰਾਂ ਸੋਚਣ ਲਈ ਮਜਬੂਰ ਕਰਦੀਆਂ ਹਨ। ਸਾਨੂੰ ਸਭ ਨੂੰ ਇਸ ਲੋਕਰਾਜ ਦੀ ਸੁਚੱਜੀ ਬਹਾਲੀ ਲਈ ਸੋਚਣਾ ਪਵੇਗਾ।
ਲੋਕ ਸਭਾ ਮੈਂਬਰਾਂ ਨੇ ਦੇਸ਼ ਦੀ ਸੇਵਾ ਦੀ ਸਹੁੰ ਖਾਧੀ ਹੈ, ਉਨ੍ਹਾਂ ਨੂੰ ਆਪਣੇ ਬਾਰੇ ਸੋਚਣ ਦੀ ਥਾਂ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ। ਵਜ਼ੀਰਾਂ ਅਤੇ ਮੈਂਬਰਾਂ ਨੂੰ ਆਪ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਤਾਂ ਜੋ ਉਹ ਦੂਜਿਆਂ ਲਈ ਆਦਰਸ਼ ਬਣ ਸਕਣ। ਜੇ ਉਹ ਇਮਾਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨਗੇ ਤਾਂ ਅਗਲੀ ਵਾਰ ਲੋਕ ਆਪ ਉਨ੍ਹਾਂ ਨੂੰ ਚੁਣ ਲੈਣਗੇ ਅਤੇ ਚੋਣ ਜਿੱਤਣ ਲਈ ਗਲਤ ਢੰਗ ਤਰੀਕਿਆਂ ਦੀ ਵਰਤੋਂ ਨਹੀਂ ਕਰਨੀ ਪਵੇਗੀ।