ਇਤਿਹਾਸ ਗਵਾਹ ਹੈ ਕਿ ਦਿੱਲੀ ਦਾ ਜਿਹੜਾ ਵੀ ਦਾਅਵੇਦਾਰ ਦਿੱਲੀ ਤੋਂ ਖਦੇੜਿਆ ਗਿਆ, ਉਹ ਪੰਜਾਬ ਵੱਲ ਨੱਸਿਆ। ਹਮਾਯੂੰ, ਦਾਰਾ ਸ਼ਿਕੋਹ ਤੇ ਖੁਸਰੋ ਆਦਿ ਸੱਭ ਪੰਜਾਬ ਵੱਲ ਹੀ ਆਏ। ਪਰ ਹੁਣ ਦੌਰ ਬਦਲ ਚੁੱਕਾ ਹੈ, ਅੱਜ ਬਾਦਸ਼ਾਹੀਆਂ ਨਹੀਂ ਸਗੋਂ ਲੋਕਤੰਤਰ ਹੈ, ਅੱਜ ਸੂਬੇਦਾਰਾਂ ਦੀ ਸ਼ਰਨ ਵਿੱਚ ਨਹੀਂ ਆਇਆ ਜਾਂਦਾ ਸਗੋਂ ਵਿਪਾਸਨਾ ਕੀਤੀ ਜਾਂਦੀ ਹੈ। ਕੇਜਰੀਵਾਲ ਹੋਰਾਂ ਵੀ ਦਿੱਲੀ ਦਾ ਕਿਲ੍ਹਾ ਗਵਾਉਣ ਮਗਰੋਂ ਪੰਜਾਬ ਵੱਲ ਰੁੱਖ ਕੀਤਾ। ਵਿਪਾਸਨਾ ਲਈ ਹੁਸ਼ਿਆਰਪੁਰ ਚੁਣਿਆ, ਵਿਪਾਸਨਾ ਦਾ ਮੱਤਲਬ ਵੀ ਮਨ ਦੀ ਸ਼ਾਂਤੀ ਨਾਲ ਨਹੀਂ ਸਗੋਂ ਨਵੀ ਰਣਨੀਤੀ ਘੜਨ ਨਾਲ ਹੀ ਹੋਏਗਾ ਜਿਹੜਾ ਵਿਪਾਸਨਾ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਚਰਚਾ ਹੈ। ਕਹਿੰਦੇ ਨੇ ਕਿ ਤਿੰਨ ਨਾਂ ਵਿਪਾਸਨਾ ਮਗਰੋਂ ਨਿੱਕਲ ਕੇ ਆਏ ਹਨ, ਸ੍ਰ ਹਰਪਾਲ ਸਿੰਘ ਚੀਮਾ, ਸ੍ਰੀ ਅਮਨ ਅਰੋੜਾ ਤੇ ਡਾਕਟਰ ਇੰਦਰਬੀਰ ਸਿੰਘ ਨਿੱਝਰ। ਪਰ ....
ਪੰਜਾਬ ਦਾ ਮੁੱਖ ਮੰਤਰੀ ਬਦਲਣਾ ਸ਼ਾਇਦ ਸੌਖਾ ਨਹੀਂ, ਤਮਾਮ ਕਮਜ਼ੋਰੀਆਂ ਦੇ ਬਾਵਜੂਦ ਸ੍ਰ ਭਗਵੰਤ ਸਿੰਘ ਮਾਨ ਪਾਰਟੀ ਦੀ ਪੰਜਾਬ ਵਿੱਚ ਵੱਡੀ ਤਾਕਤ ਹੈ ਤੇ ਤਾਕਤ ਨੂੰ ਬਦਲਣ ਲਈ ਉਸੇ ਦੀ ਹੀ ਸਹਿਮਤੀ ਜਰੂਰੀ ਹੈ ਜੋ ਕਿ ਮੁਸ਼ਕਲ ਹੈ। ਭਾਂਵੇਂ ਕੇਜਰੀਵਾਲ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੱਤਰਕਾਰਾਂ ਦੇ ਸਵਾਲ ਦੇ ਜੁਆਬ ਵਿੱਚ ਕਹਿ ਚੁੱਕੇ ਹਨ ਕਿ ਸ੍ਰ ਭਗਵੰਤ ਸਿੰਘ ਮਾਨ ਆਪਣੇ ਪੰਜ ਸਾਲ ਪੂਰੇ ਕਰਨ ਮਗਰੋਂ ਅਗਲੇ ਪੰਜ ਸਾਲ ਮੁੱਖ ਮੰਤਰੀ ਰਹਿਣਗੇ ਪਰ ਰਾਜਨੀਤੀ ਵਿੱਚ ਅਜਿਹੇ ਸ਼ਬਦਾਂ ਤੇ ਵਿਸ਼ਵਾਸ਼ ਕਰਨਾ ਮੁਸ਼ਕਲ ਹੁੰਦਾ ਹੈ। ਸ੍ਰੀ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਅਗਲੇ ਪੰਜ ਸਾਲਾਂ ਬਾਰੇ ਭਵਿਖਬਾਣੀ ਕਰਨ ਨਾਲੋਂ ਅਗਲੇ ਪੰਜ ਸਾਲਾਂ ਮਗਰੋਂ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਤੇ ਕੇਂਦਰਿਤ ਹੋਣ ਤੇ ਪੰਜਾਬ ਨੂੰ ਪੰਜਾਬੀਆਂ ਤੇ ਹੀ ਛੱਡ ਦੇਣ !! ਪਿੱਛਲੇ 12-14 ਸਾਲ ਤੋਂ ਰਾਜਨੀਤੀ ਵਿੱਚ ਹੋਣ ਕਾਰਨ ਸ੍ਰ ਮਾਨ ਪੰਜਾਬ ਤੇ ਭਵਿੱਖ ਨੂੰ ਬੇਹਤਰ ਢੰਗ ਨਾਲ ਜਾਣ ਗਏ ਹਨ !!